Photo by Vishwas Bangar on Unsplash

ਸਮਾਂ ਕਿਵੇਂ ਲੰਘ ਜਾਂਦੈ,ਪਤਾ ਹੀ ਨਹੀਂ ਲੱਗਦਾ।ਅੱਜ ਵੀ ਦਿਵਾਲੀ ਹੈ,ਪਰ ਬਿਲਕੁੱਲ ਅਲੱਗ,ਠਾ ਠਾ ਪਟਾਕੇ ਵੱਜ ਰਹੇ ਨੇ ,ਅਜੇ ਅੱਠ ਹੀ ਵਜੇ ਨੇ,ਪਰ ਮੈਂ ਸੌਣ ਦੀ ਤਿਆਰੀ ਕਰਣ ਲੱਗ ਪਿਆਂ,ਪਟਾਕਿਆਂ ਦੀ ਆਵਾਜ਼ ਦੇ ਮਾਰੇ ਕਿੰਨੀ ਦੇਰ ਸੌਂ ਹੀ ਨਹੀਂ ਸਕਿਆ ।ਪਟਾਕਿਆਂ ਦੀ ਗੜ ਗੜ ਖ਼ਤਮ ਹੋਈ,ਤਾਂ ਮੇਰੀ ਨੀਂਦ ਹੀ ਉੱਡ ਗੀ,ਤਰਸੇਮ ਵੀ ਕੋਲ ਨਹੀਂ ਸੀ ,ਚਿੱਠੀ ਆ ਗੀ ਸੀ,ਹੁਣ ਤਾਂ ਉਹ ਵੱਡੇ ਦਿਨਾਂ ਦੀਆਂ ਛੁੱਟੀਆਂ ਵਿੱਚ ਆਵੇਗਾ,ਦੀਵਾਲੀ ਦਾ ਤਾਂ ਉਹਨੇ ਜਿ਼ਕਰ ਤੱਕ ਨਹੀਂ ਸੀ ਕੀਤਾ ।ਕਿਰਾਏ ਭਾੜੇ ਵਜੋਂ ਸੋਚਿਆ ਹੋਊ ਦੋ ਮਹੀਨੇ ਬਾਅਦ ਜਾਵਾਂਗਾ,ਹੁਣ ਜਾ ਕੇ ਕੀ ਕਰਨੈ?ਹਾਲਾਤ ਕੀ ਕੁਝ ਸਮਝਾ ਦੇਂਦੇ ਨੇ,ਪ੍ਰਾਈਵੇਟ ਕੰਪਨੀ ਵਿੱਚ ਮਾਮੂਲੀ ਜਿਹੀ ਨੌਕਰੀ ਮਿਲੀ,ਤਾਂ ਮੈਂ ਕਿਹਾ ਸੀ ਤਾਂ ਮੈਂ ਕਿਹਾ ਸੀ,'ਪੁੱਤ!ਹੋਰ ਪੜ੍ਹ ਲੈ,ਚੰਗੀ ਨੌਕਰੀ ਤੇ ਲੱਗ ਜਾਏਂਗਾ ।'ਦਲੀਲ ਕਿੰਨੀ ਵਧੀਆ ਦੇਂਦੈ,'ਬਾਪੂ ! ਨੌਕਰੀ ਦੇ ਨਾਲ ਪੜ੍ਹਾਈ ਵੀ ਕਰ ਲਵੇਗਾ,ਇਹਨੂੰ ਹੱਥੋਂ ਨਹੀਂ ਜਾਣ ਦੇਣਾ,ਤੇਰੀ ਉਮਰ ਹੁਣ ਕੰਮ ਕਰਣ ਦੀ ਨਹੀਂ,ਤੂੰ ਅਰਾਮ ਕਰ ।'

' ਸੱਚ ਮੁੱਚ,ਮੈਨੂੰ ਇੰਞ ਲੱਗਿਆ ਜਿਵੇਂ ਮੇਰਾ ਬਾਪ ਮਰਿਆ ਈ ਨਾ ਹੋਵੇ ।'ਉਹ ਜਾਣ ਲਗਿਆ ਤਾਂ ਮੇਰੀਆਂ ਅੱਖਾਂ ਵਿੱਚੋਂ ਹੰਝੂ ਤਰਿਪ ਤਰਿਪ ਵੱਗਣ ਲੱਗ ਪੇ ।ਮੇਰੇ ਪੈਰਾਂ ਤੇ ਮੱਥਾ ਟੇਕਦਿਆਂ ਬੜੇ ਫ਼ਖਰ ਨਾਲ ਕਿਹਾ ਸੀ,' ਬਾਪੂ!ਬੰਦਾ ਛੋਟਾ ਹੁੰਦੈ,ਕੰਮ ਕੋਈ ਛੋਟਾ ਨਹੀਂ ਹੁੰਦਾ ।'ਮੈਂ ਉਸ ਨੂੰ ਅਸ਼ੀਰਵਾਦ ਦੇਂਦੇ ਕਿਹਾ ਸੀ,' ਜਿੱਥੇ ਤੇਰੇ ਵਰਗੀ ਔਲਾਦ ਹੋਵੇ,ਉਥੇ ਤਾਂ ਸਮਝੋ ਰੱਬ ਦਾ ਬਸੇਰੈ ।'ਨੌਕਰੀ ਲੱਗਣ ਬਾਅਦ ਉਹ ਦੋ ਵਾਰ ਮਿਲਣ ਆਇਆ ਸੀ,ਹੁਣ ਵੀ ਮੈਨੂੰ ਲਗਦਾ ਸੀ ਉਹ ਦੀਵਾਲੀ ਮੰਨਾਉਣ ਜ਼ਰੂਰ ਆਵੇਗਾ,ਮੇਰੀਆਂ ਅੱਖਾਂ ਅੱਗੇ ਫਿ਼ਲਮ ਦੀ ਤਰ੍ਹਾਂ ਨਜ਼ਾਰੇ ਘੁੰਮਣ ਲੱਗੇ ।

ਪਿੱਛਲੀ ਤੋਂ ਪਿੱਛਲੀ ਦਿਵਾਲੀ ਵੇਲੇ ਉਸ ਨੇ ਪਟਾਕਿਆਂ ਤੇ ਮਿਠਿਆਈਆਂ ਲੀ ਬੜਾ ਰੌਲਾ ਪਾਇਆ ਸੀ,ਮੈਂ ਵੀ ਬਥੇਰੇ ਹੱਥ ਪੈਰ ਮਾਰੇ,ਪਰ ਲੈ ਕੇ ਦੇ ਨਾ ਸਕਿਆ,ਉਹਨੇ ਦੁਪਿਹਾਰ ਛੱਡ ਰਾਤ ਵੀ ਰੋਟੀ ਨਾ ਖਾਧੀ,ਮੇਰੀ ਗਰੀਬੀ ਤੇ ਲਾਚਾਰੀ ਦੀ ਉਹਨੂੰ ਸਮਝ ਨਹੀਂ ਸੀ,ਮੇਰੇ ਹਲਕ ਚੋਂ ਬੁਰਕੀ ਕਿੱਥੇ ਲੰਘਣੀ ਸੀ,ਸਾਰੀ ਰਾਤ ਪਾਸੇ ਪਲਟਦਾ ਰਿਹਾ,ਰੋਟੀ ਕੱਪੜੇ ਵਿੱਚ ਵਲੇਟ ਕੇ ਤੇ ਦਾਲ ਪਤੀਲੇ ਚ' ਰੱਖ ਢੱਕ ਦਿੱਤੀ।ਪਟਾਕਿਆਂ ਦੀਆਂ ਅਵਾਜ਼ਾਂ ਮੇਰੇ ਕੰਨਾਂ ਨੂੰ ਖਾ ਰਹੀਆਂ ਸੀ,ਇਹ ਤਿਉਹਾਰ ਸਾਡੇ ਵਰਗਿਆਂ ਦੇ ਮਜ਼ਾਕ ਉਡਾਉਣ ਆਉਂਦੇ ਨੇ,ਰਾਤ ਦੇ ਗਿਆਰ੍ਹਾਂ ਵੱਜ ਗੇ,ਡਰਦੇ ਡਰਦੇ ਤਰਸੇਮ ਨੂੰ ਕਿਹਾ ਸੀ,'ਪੁੱਤ!ਉਠ ਖੜ੍ਹ,ਅਗਲੀ ਦਿਵਾਲੀ ਨੂੰ ਬਹੁਤ ਸਾਰੇ ਪਟਾਕੇ ਮਿਠਿਆਈਆਂ ਲੈ ਕੇ ਦੇਵਾਂਗਾ,ਉੱਠ ਪੁੱਤ ਰੋਟੀ ਖਾ ਲੈ।'ਉਸ ਨੇ ਮੇਰੀਆਂ ਅੱਖਾਂ ਚੋਂ ਪਤਾ ਨਹੀਂ ਕੀ ਪੜ੍ਹ ਲਿਆ ਕਿ ਜ਼ਿੱਦ ਕੀਤੇ ਬਿਨਾਂ ਕਹਿਣ ਲੱਗਾ,' ਬਾਪੂ!ਠੀਕ ਹੈ,ਅਗਲੀ ਵਾਰ ਸਹੀ,ਤੂੰ ਵੀ ਖਾ ਲੈ ।

'ਮੈਂ ਸੁੱਖ ਦਾ ਸਾਹ ਲਿਆ ਤੇ ਨਿਸ਼ਚਿੰਤ ਹੋ ਕੇ ਸੌਂ ਗਿਆ।ਇੱਕ ਸਾਲ ਤਾਂ ਜਿਵੇਂ ਫੂ਼ਕ ਮਾਰ ਕੇ ਉੱਡ ਗਿਆ ਹੋਵੇ,ਮੈਂ ਤਾਂ ਉਸ ਤੋਂ ਨਜ਼ਰਾਂ ਬਚਾਉਂਦਾ ਰਹਿੰਦਾ,ਜਿਉਂ ਜਿਉਂ ਦਿਨ ਨੇੜੇ ਆ ਰਿਹਾ ਸੀ,ਮੇਰੀ ਤਾਂ ਨੀਂਦ ਹੀ ਉੱਡਦੀ ਜਾ ਰਹੀ ਸੀ,ਉਸ ਦੀ ਚੁੱਪ ਮੈਨੂੰ ਘੇਰੀਆਂ ਪਾਉਂਦੀ,ਪਤਾ ਨਹੀਂ ਅੰਦਰ ਹੀ ਅੰਦਰ ਕੀ ਪ੍ਰੋਗਰਾਮ ਬਣਾ ਰਿਹੈ।ਆਖਰ ਦਿਵਾਲੀ ਆੳਣ ਨੂੰ ਇੱਕ ਦਿਨ ਰਹਿ ਗਿਆ,ਕੋਈ ਵਿਉਂਤ ਨਹੀਂ ਸੀ ਬਣ ਰਹੀ,ਪਟਾਕਿਆਂ ਤੇ ਮਿਠਿਆਈਆਂ ਨਾਲ ਬਜ਼ਾਰ ਸਜੇ ਪੇ ਸੀ,ਮੈਂ ਵਾਰੋ ਵਾਰੀ,ਕਦੀਂ ਪਟਾਕਿਆਂ,ਕਦੀਂ ਮਿਠਿਆਈਆਂ ਦੀ ਦੁਕਾਨਾਂ ਤੇ ਖਲੋਆ ਕੇ ਸੋਚਦਾ ,ਕੀ ਪਤਾ ਕਿਸੇ ਦੇ ਬਟੂਏ ਚੋਂ ਪੈਸੇ ਕੱਢਦੇ ਕੋਈ ਨੋਟ ਹੀ ਡਿੱਗ ਪਵੇ ।ਭੀੜ ਚੋਂ ਕਿਸੇ ਨੇ ਮੇਰਾ ਹੱਥ ਫ਼ੜ ਲਿਆ,ਮੈਂ ਤ੍ਰਭਕ ਗਿਆ,ਇਹ ਤਾਂ ਤਰਸੇਮ ਸੀ,ਮੈਂ ਤਰੇਲੋ ਤਰੇਲੀ ਹੋ ਗਿਆ,ਮੇਰੇ ਮੂੰਹੋਂ ਏਨਾ ਹੀ ਨਿਕਲਿਆ,'ਪੁੱਤ!ਮੈਂ ਅਜੇ ਪਟਾਕੇ ਪਸੰਦ ਕੀਤੇ ਨੇ,ਖਰੀਦੇ ਨਹੀਂ।'ਮੈਨੂੰ ਭੀੜ ਚੋਂ ਬਾਹਰ ਖਿੱਚਦੇ ਹੋਏ ਉਹ ਬੋਲਿਆ,'ਚੱਲ ਬਾਪੂ ਘਰ ਚਲੀਏ,ਤੂੰ ਚਾਰ ਦਿਨ ਤੋਂ ਅੰਦਰ ਅੰਦਰ ਜੂਝ ਰਿਹੈਂ,ਤੂੰ ਆਪਣੇ ਆਪ ਨੂੰ ਛੋਟਾ ਨਾ ਸਮਝੇਂ,ਮੈਂ ਤੈਨੂੰ ਕੁਝ ਨੀ ਕਿਹਾ,ਮੈਂ ਤਾਂ ਪਿਛਲੀ ਦਿਵਾਲੀ ਨੂੰ ਹੀ ਸੋਚ ਲਿਆ ਸੀ,ਤੈਨੂੰ ਤੰਗ ਨੀ ਕਰਣਾ ।'ਉਹ ਜਦੋਂ ਮੈਨੂੰ ਖਿੱਚ ਰਿਹਾ ਸੀ,ਮੈਨੂੰ ਇੰਞ ਲੱਗ ਰਿਹਾ ਸੀ ਜਿਵੇਂ ਉਹ ਮੇਰਾ ਬਾਪ ਬਣ ਗਿਆ ਹੋਵੇ ।ਘੜੀ ਤੇ ਨਿਗ੍ਹਾ ਗੀ... ਰਾਤ ਦੇ ਤਿੰਨ ਵੱਜ ਗੇ ਸੀ...ਮਨ ਹਲਕਾ ਹਲਕਾ ਲੱਗ ਰਿਹਾ ਸੀ...ਨੀਂਦ ਘੇਰਾ ਪਾਉਣ ਲੱਗੀ... ਸਵੇਰੇ ਅੱਠ ਵਜੇ ਜਾਗ ਖੁਲ੍ਹੀ... ਹੱਥ ਮੂੰਹ ਧੋ ਕੇ ਚਾਹ ਬਣਾਈ... ਮੇਜ਼ ਤੇ ਰੱਖ ਟੀ.ਵੀ ਦਾ ਬਟਨ ਦਬਾਇਆ,ਖਬਰਾਂ ਆ ਰਹੀਆਂ ਸੀ,ਚਾਹ ਦਾ ਕੱਪ ਮੂੰਹ ਨੂੰ ਲਾਇਆ ਹੀ ਸੀ ਕਿ ਟੀ.ਵੀ ਤੇ ਤਰਸੇਮ ਨੂੰ ਵੇਖ ਕੇ ਹੈਰਾਨ ਰਹਿ ਗਿਆ,ਉਹ ਗਰੀਬ ਬੱਚਿਆਂ ਨੂੰ ਪਟਾਕੇ ਤੇ ਮਿਠਿਆਈਆਂ ਵੰਡ ਰਿਹਾ ਸੀ,ਨਾਲ ਹੀ ਖ਼ਬਰ ਆ ਰਹੀ ਸੀ,'ਇਸ ਸਕਸ਼ ਨੇ ਆਪਣੀ ਸਾਰੀ ਤਨਖਾਹ ਲੋੜਵੰਦ ਬੱਚਿਆਂ ਲੀ ਪਟਾਕੇ,ਆਤਸ਼ਬਾਜ਼ੀ,ਮਿਠਿਆਈਆਂ ਖਰੀਦਣ ਚ' ਖ਼ਰਚ ਕਰ ਦਿੱਤੀ।'ਟੀ.ਵੀ ਦੇ ਉਪਰ ਤਰਸੇਮ ਦੀ ਫੋ਼ਟੋ ਚੁੱਕ ਕੇ ਮੈਂ ਹਿੱਕ ਨੂੰ ਲਾ ਲਿਆ ਤੇ ਮੇਰੇ ਮੂੰਹ ਚੋਂ ਇੱਕੋ ਗੱਲ ਨਿਕਲੀ ਜਾਵੇ,ਤੇਰੇ ਵਰਗੇ ਪੁੱਤ ਤਾਂ ਹਰ ਘਰ ਜੰਮਣ....ਹਰ ਘਰ।

.    .    .

Discus