Image by Sasin Tipchai from Pixabay 

ਮੈਂ ਇੱਕ 'ਮਜ਼ਦੂਰ' ਹਾਂ, ਮੇਰੀ ਲੋੜ ਖੇਤਾਂ, ਇਮਾਰਤਾਂ, ਕਾਰਖਾਨਿਆਂ,ਮਿਲਾਂ ਵਿਚ ਹੈ, ਇਹ ਸਭ ਮੇਰੇ ਸਿਰ ਤੇ ਚਲਦੀਆਂ ਨੇ, ਡਾਕਟਰ, ਇੰਜਨੀਅਰ, ਪ੍ਰੋਫੈਸਰ ਆਦਿ ਮੰਗਾਂ ਮੰਨਵਾਉਣ ਲਈ ਹੜਤਾਲ ਕਰ ਸਕਦੇ ਨੇ, ਪਰ ਸਾਨੂੰ ਇਹ ਹੱਕ ਨਹੀਂ, ਹੱਕ ਦੀ ਵੀ ਗੱਲ ਨਹੀਂ, ਸੱਜੀ ਦਿਹਾੜੀ ਕਰ ਕੇ ਬੱਚਿਆਂ ਦੇ ਮੂੰਹ ਵਿਚ ਰੋਟੀ ਪਾਉਂਦੇ ਹਾਂ, ਸਾਡੀਆਂ ਮਜਬੂਰੀਆਂ ਤਾਂ ਸਾਨੂੰ ਇੱਕ ਦਿਨ ਵੀ ਨਾ ਇਕਠੇ ਹੋਣ ਦੇਣ , ਫੇਰ ਕਸੂਰ ਕੀ ਹੈ ਸਾਡਾ?

ਅੱਜ ਮੇਰਾ ਮਨ ਬਹੁਤ ਦੁਖੀ ਹੈ, ਮੇਰੀ ਜੇਬ ਵਿੱਚ ਇੱਕ ਪੈਸਾ ਨਹੀਂ, ਕਮਜ਼ੋਰ ਤੇ ਬੁੱਢਾ ਹੋ ਗਿਆਂ, ਨਹੀਂ ਤਾਂ ਇਸ ਤੋਂ ਪਹਿਲਾਂ ਇੱਕ ਜਗਾ ਤੇ ਅਸੀਂ ਮਜ਼ਦੂਰ ਇਕੱਠੇ ਹੁੰਦੇ ਸਾਂ, ਕੋਈ ਨਾ ਕੋਈ ਸਾਨੂੰ ਮਜ਼ਦੂਰੀ ਤੇ ਲੈ ਜਾਂਦਾ, ਜੇ ਰੋਜ਼ ਦਿਹਾੜੀ ਨਾ ਮਿਲੇ ਤਾਂ ਇੱਕ ਦੋ ਦਿਨ ਬਾਅਦ ਵਾਰੀ ਆ ਹੀ ਜਾਂਦੀ ਸੀ, ਪਰ ਹੁਣ ਕੰਮ ਤੇ ਮੈਨੂੰ ਕੋਈ ਨਹੀਂ ਲੈ ਕੇ ਜਾਂਦਾ, ਘਰ ਨਿੱਕੇ ਨਿੱਕੇ ਜੁਆਕ, ਬੂਹੇ ਵੜਦਾਂ ਤਾਂ ਬੁਲਾਂ ਤੇ ਜੀਭ ਫੇਰਣ ਲੱਗ ਜਾਂਦੇ ਅੈਂ ਕਿ ਬਾਪੂ ਕੁੱਝ ਲੈ ਕੇ ਆਇਆ ਹੋਊ।

ਚਾਰ ਦਿਨ ਮੈਂ ਆਪਣਾ ਖੂਨ ਵੇਚਦਾ ਰਿਹਾ, ਅੱਜ ਡਾਕਟਰ ਨੇ ਉਹ ਵੀ ਨਹੀਂ ਲਿਆ, ਕਹਿਣ ਲੱਗਾ ,'ਹੋਰ ਲਿਆ ਤਾਂ ਮਰ ਜਾਊਂ। '

ਮੈਂ ਕਿਹਾ, ' ਡਾਕਟਰ ਸਾਹਿਬ! ਮੇਰੀ ਜ਼ਿੰਦਗੀ ਨਾਲੋਂ ਚਾਰ ਬੰਦਿਆਂ ਦੀ ਜ਼ਿੰਦਗੀ ਜ਼ਿਆਦਾ ਕੀਮਤੀ ਹੈ, ਕੱਢ ਲਓ ਜਿਨਾ ਨਿਕਲਦੈ 'ਪਰ ਉਹਨੇ ਨਾਂਹ ਕਰ ਦਿੱਤੀ । ਮੈਂ ਆਪਣੇ ਹੱਥਾਂ ਬਾਹਾਂ ਦਾ ਮਾਸ ਦੇਖਣ ਲੱਗਾ, ਸ਼ਾਮ ਹੋਣ ਨੂੰ ਆ ਗਈ, ਕਸਾਈ ਬਕਰੇ ਤੇ ਬਕਰੇ ਵੱਢੀ ਜਾ ਰਿਹਾ ਸੀ, ਮੈਨੂੰ ਕਸਾਈ ਤੇ ਗੁਸਾ ਆਇਆ, ਉਹਨੂੰ ਮੈਂ ਨਹੀਂ ਸਾਂ ਦਿਸਦਾ।

ਮੇਰੀ ਉਮੀਦ ਤੇ ਉਦੋਂ ਪਾਣੀ ਫਿਰ ਗਿਆ ਜੱਦ ਜਿਸ ਸ਼ਾਹੂਕਾਰ ਦੇ ਘਰ ਸ਼ਾਦੀ ਲਈ ਬਕਰੇ ਵੱਢੇ ਜਾ ਰਹੇ ਸੀ, ਕਹਿਣ ਲੱਗਾ, ' ਇਹ ਬੁੱਢਾ ਬਕਰਾ ਜੋ ਵੱਢਣ ਲਗਿਐਂ, ਕੁਤਿਆਂ ਨੂੰ ਪਾਉਣੈ? '

ਕਸਾਈ ਨੇ ਬਕਰੇ ਨੂੰ ਪਰਾਂ ਬੰਨ ਦਿੱਤਾ। ਮੈਂ ਵੀ ਬੱਕਰੇ ਦੇ ਨਾਲ ਬਹਿ ਗਿਆ। ਸ਼ਾਇਦ ਬੱਕਰਾ ਸੋਚ ਰਿਹਾ ਸੀ , ਵਢੀ ਜਾਂਦਾ ਤਾਂ ਚੰਗਾ ਹੀ ਸੀ, ਹੁਣ ਕੌਣ ਉਹਨੂੰ ਖੁਰਾਕ ਪਾਊ, ਕਿਹਨੂੰ ਉਹਦੀ ਲੋੜ ਹੈ। ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਅਸੀਂ ' ਮਜ਼ਦੂਰ ' ਵੀ ਬੱਕਰੇ ਹਾਂ।

--ਕੰਵਲਜੀਤ ਕੌਰ ਜੁਨੇਜਾ 

Discus